ਡਾ: ਕਰਮਜੀਤ ਸਿੰਘ ਦਾ ਕਹਿਣਾ ਹੈ: "ਉਹ (ਬਲਜਿੰਦਰਪਾਲ) ਪਹਿਲਾਂ ਤੋਂ ਕਿਸੇ ਲੇਖਕ ਬਾਰੇ ਬਣੀਆਂ ਬਣਾਈਆਂ ਧਾਰਣਾਵਾਂ ਤੋਂ ਹੱਟ ਕੇ ਚਲਦਾ ਹੈ। ਦੂਸਰਾ ਉਹ ਕਿਸੇ ਲੇਖਕ ਨੂੰ ਸਮੁੱਚਤਾ ਵਿਚ ਲੈਂਦਾ ਹੈ ਤੇ ਇਤਿਹਾਸਕ ਸੰਦਰਭਾਂ ਵਿਚ ਉਸਦਾ ਲੇਖਾ ਜੋਖਾ ਕਰਦਾ ਹੈ। ਇਸੇ ਲਈ ਉਸਦੇ ਵਿਚਾਰ ਪਹਿਲਿਆਂ ਆਲੋਚਕਾਂ ਤੋਂ ਹੁਣੇ ਹੀ ਵੱਖਰੇ ਦਿਖਾਈ ਦੇਣ ਲੱਗ ਪਏ ਹਨ। ਜੇ ਉਹ ਇਵੇਂ ਹੀ ਵਿਕਾਸ ਕਰਦਾ ਗਿਆ ਤਾਂ ਉਸ ਵਿਚ ਮੌਲਿਕ ਆਲੋਚਕ ਬਣਨ ਦੀਆਂ ਸਾਰੀਆਂ ਸੰਭਵਨਾਵਾਂ ਮੌਜੂਦ ਹਨ।"
ਅਸੀਂ ਲੜ੍ਹਾਂਗੇ ਸਾਥੀ,ਉਦਾਸ ਮੌਸਮ ਲਈ
ਅਸੀਂ ਲੜ੍ਹਾਂਗੇ ਸਾਥੀ,ਗੁਲਾਮ ਸਧਰਾਂ ਲਈ,
ਜਦੋਂ ਬਦੂੰਕ ਨਾ ਹੋਈ,ਓਦੋਂ ਤਲਵਾਰ ਹੋਵੇਗੀ,
ਜਦੋਂ ਤਲਵਾਰ ਨਾ ਹੋਈ,ਲੜ੍ਹਨ ਦੀ ਲਗਨ ਹੋਵੇਗੀ
ਲੜ੍ਹਨ ਦੀ ਜਾਂਚ ਨਾ ਹੋਈ,ਲੜ੍ਹਨ ਦੀ ਲੋੜ੍ਹ ਹੋਵੇਗੀ
ਤੇ ਅਸੀਂ ਲੜ੍ਹਾਂਗੇ ਸਾਥੀ
ਕਿ ਲੜ੍ਹਨ ਬਾਂਝੋ ਕੁਝ ਵੀ ਨਹੀ ਮਿਲਦਾ।
ਅਵਤਾਰ ਪਾਸ਼ ਦਾ ਜਨਮ 9ਸਤੰਬਰ 1950 ਨੂੰ ਤਲਵੰਡੀ ਸਲੇਮ{ਜਲੰਧਰ} ਵਿਖੇ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋੇਇਆ।ਉਸ ਦੇ ਪਿਤਾ ਸੋਹਣ ਸਿੰਘ ਫੋਜ ਵਿੱਚ ਨੌਕਰੀ ਕਰਦੇ ਸਨ ਜਿੰਨਾ ਨੂੰ ਖੁਦ ਕਵਿਤਾ ਲਿਖਣ ਦਾ ਸ਼ੌਕ ਸੀ 1ਇਸ ਲਈ ਕਿਹਾ ਜਾ ਸਕਦਾ ਹੈ ਕਿ ਕਵਿਤਾ ਲਿਖਣ ਦਾ ਸ਼ੌਕ ਉਸ ਨੂੰ ਵਿਰਸੇ ਵਿੱਚ ਮਿਲਿਆ। ਪਾਸ਼ ਕਮਿਊਨਿਸਟ ਪਾਰਟੀ ਦੇ ਆਗੂ ਚੈਨ ਸਿੰਘ ਚੈਨ ਦੇ ਪ੍ਰਭਾਵ ਅਧੀਨ1967 ਵਿੱਚ ਸਰਵ ਭਾਰਤ ਨੌਜਵਾਨ ਸਭਾ ਦਾ ਮੈਬਰ ਬਣਿਆ।1967 ਵਿੱਚ ਜਦਂੋ ਨਕਸਲਬਾੜੀ ਲਹਿਰ ਸ਼ੁਰੂ ਹੋੇਈ ਤਾ ਪਾਸ਼ ਦਾ ਝੁਕਾਅ ਇਸ ਲਹਿਰ ਵੱਲ ਹੋ ਗਿਆ।ਜਿਸ ਤਹਿਤ ਉਹ ਨਾਗਾਰੈਡੀ ਗਰੁੱਪ ਵਿਚੱ ਸਾਮਿਲ ਹੋੇ ਗਿਆ।ਕਿਹਾ ਜਾਦਾ ਹੈ ਕਿ1967 ਵਿੱਚ ਉਹ ਜੇਲ੍ਹ ਗਿਆ ਜਿਥੇ ਉਸ ਦੀ ਕਵਿਤਾ ਨੂੰ ਇੱਕ ਨਵਾ ਜੋਸ਼ ਮਿਲਿਆ। ਇਸ ਵਿਹਲੇ ਸਮੇ ਵਿੱਚ ਉਹ ਕਵਿਤਾ ਲਿਖ ਕੇ ਬਾਹਰ ਭੇਜਦਾ ਰਿਹਾ ਜੋ ਕਿ “ਆਰੰਭ”ਅਤੇ “ਦਸਤਾਵੇਜ” ਵਿੱਚ ਛਪਦੀ ਰਹੀ।1972 ਵਿੱਚ ਪਾਸ਼ “ਸਿਆੜ” ਨਾਮ ਅਧੀਨ ਪਰਚਾ ਕੱਢਿਆ।1973 ਵਿੱਚ ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਦੀ ਸਥਾਪਨਾ ਕੀਤੀ।ਸੁਰੂ ਤੋ ਹੀ ਪਾਸ਼ ਨੂੰ ਡਾਇਰੀ ਲਿਖਣ ਦਾ ਸ਼ੌਕ ਸੀ।ਜਿਸ ਵਿੱਚ ਉਸ ਦੀ ਆਪਣੀ ਨਿੱਜੀ ਜਿੰਦਗੀ ਦੀਆ ਘਟਨਾਵਾਂ ਤੋਂ ਇਲਾਵਾ ਰਾਜਨੀਤਿਕ,ਸਮਾਜਿਕ ਤੇ ਆਰਥਿਕ ਹਾਲਤ ਬਾਰੇ ਵੀ ਪਤਾ ਚਲਦਾ ਹੈ।
ਪਾਸ਼ ਦੇ ਕਾਵਿ ਸੰਗ੍ਰਹਿ “ਲੋਹ ਕਥਾ” {1971}”ਉੱਡੱਦੇ ਬਾਜਾਂ ਮਗਰ” {1974},”ਸਾਡੇ ਸਮਿਆ ਵਿੱਚ{1978}ਪ੍ਰਕਾਸਿਤ ਹੋਏ ਹਨ। ਪਾਸ਼ ਯਾਦਗਾਰੀ ਕਮੇਟੀ ਨੇ ਪਾਸ਼ ਦੀ ਸਪੂੰਰਨ ਰਚਨਾ ਹੁਣੇ ਪਿੱਛੇ ਜਿਹੇ ਪ੍ਰਕਾਸਿਤ ਕੀਤੀ ਹੈ।ਪਾਸ਼ ਦੀ ਕਵਿਤਾ ਦੇ ਮਹੱਤਵ ਦਾ ਪਤਾ ਸਹਿਜੇ ਹੀ ਇਸ ਗੱਲ ਤੋ ਲਾਇਆ ਜਾ ਸਕਦਾ ਹੈ ਕਿ ਪੰਜਾਬੀ ਤੇ ਹਿੰਦੀ ਦੇ ਬਹੁਤ ਸਾਰੇ ਲੇਖਕਾਂ ਤੇ ਆਲੋਚਕਾਂ ਨੇ ਪਾਸ਼ ਦੀ ਕਵਿਤਾ ਬਾਰੇ ਲਿਖਿਆ ਤੇ ਅਨੁਵਾਦ ਕੀਤਾ ਹੈ। ਉਸ ਦੀ ਤੁਲਨਾ ਜਗਤ ਪ੍ਰਸਿਧ ਲੇਖਕਾਂ ਨਾਲ ਕਰਦਿਆ ਸੈਕੜੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ।
ਪਾਸ਼ ਦੀ ਤੁਲਨਾ ਨਾਜਮ ਹਿਕਮਤ,ਪਾਬਲੋ ਨਾਰੂਦਾ ,ਮੈਕਸਿਮ ਗੋਰਕੀ,ਰੈਲਫ ਫਾਕਸ ਅਤੇ ਸਪੇਨ ਦੇ ਪਸ੍ਰਿਧ ਕਵੀ ਗਾਰਸੀਆ ਲੋਰਕਾ ਨਾਲ ਕੀਤੀ ਜਾਂਦੀ ਹੈ।ਹਿੰਦੀ ਦੇ ਪ੍ਰਸਿੱਧ ਲੇਖਕ ਨਾਮਵਰ ਸਿੰਘ ਪਾਸ਼ ਬਾਰੇਲਿਖਦੇ ਹਨ ਕਿ,”ਸਪੇਨ ਦੇ ਅਮਰ ਕਵੀ ਲੋਰਕਾ ਦੇ ਕਤਲ ਸੰਬੰਧੀ ਕਿਹਾ ਜਾਂਦਾ ਹੈਕਿ ਉਸ ਦੀ ਅਮਰ ਕਵਿਤਾ,”ਇਕ ਬੁਲਫਾਈਟਰ ਦੀ ਮੌਤ ਤੇ ਸੋਕਗੀਤ” ਦਾ ਟੇਪ ਜਦੋ ਜਨਰਲ ਫਰੈਕਂੋ ਨੂੰ ਸੁਣਾਇਆ ਗਿਆ ਤਾ ਉਸ ਨੇ ਹੁਕਮ ਦਿੱਤਾ ਕਿ ਇਹ ਆਵਾਜ਼ ਬੰਦ ਹੋਣੀ ਚਾਹੀਦੀ ਹੈ। ਇਹ ਘਟਨਾ ਕਰੀਬ 50 ਵਰ੍ਹੇ ਪਹਿਲਾ ਦੀ ਹੈ।ਕਵਿਤਾ ਤੇ ਫਿਰ ਇਹ ਸੋਕ ਗੀਤ ਹੀ ਕਿਉਂ ਨਾ ਹੋਵੇ-ਫਾਸਿਸਟ ਪ੍ਰਤੀਕ੍ਰਿਆ!ਪਾਸ ਦੇ ਰੂਪ ਵਿਚ ਪੰਜਾਬ ਨੂੰ ਇਕ ਲੋਰਕਾ ਮਿਲਿਆ ਸੀ,ਜਿਸਦੀ ਆਵਾਜ ਖਾਲਿਸਤਾਨੀ ਜਾਨੂੰਨ ਨੇ ਬੰਦ ਕਰ ਦਿੱਤੀ ਅਤੇ ਉਹ ਵੀ ਸੰਯੋਗ ਨਾਲ ਉਦੋਂ ਸੈਂਤੀ ਵਰ੍ਹਿਆ ਦਾ ਹੀ ਜਵਾਨ ਸੀ,ਲੋਰਕਾ ਵਾਂਗ।”
ਪੰਜਾਬੀ ਦੇ ਪਸ੍ਰਿਧ ਆਲੋਚਕ ਡਾ. ਕੇਸਰ ਸਿੰਘ ਕੇਸਰ ਪਾਸ਼ ਬਾਰੇ ਲਿਖਦੇ ਹਨ ਕਿ, “ਪਾਸ਼ ਸੱਤਰਵਿਆ ਦੇ ਦਹਾਕੇ ਵਿਚ ਪੰਜਾਬੀ ਕਵਿਤਾ ਉਤੇ ਛਾਇਆ ਰਿਹਾ ਹੈ-ਕੇਵਲ ਇਸ ਲਈ ਨਹੀਂ ਕਿ ਉਸ ਨੂੰ ਕਿਸਾਨੀ ਜੀਵਨ ਦਾ ਡੂੰਘਾ ਤਜਰਬਾ,ਨਕਸਲਬਾੜੀ ਲਹਿਰ ਦਾ ਤਜਰਬਾ,ਜੇਲ੍ਹਾਂ ਵਿਚ ਝੱਲੇ ਤਸੀਹਿਆ ਦਾ ਸੰਵੇਦਨਸੀਲਬੋਧ ਤੇ ਮਾਰਕਸਵਾਦੀ ਸਿਧਾਂਤ ਦਾ ਗਿਆਨ ਸੀ,ਸਗੋਂ ਇਸ ਲਈ ਵੀ ਕਿ ਉਸਨੇਆਪਣੇ ਵਿਚਾਰਧਾਰਕ ਪਰਿਵੇਸ਼ ਨਾਲ ਸੰਵਾਦ ਰਚਾਕੇ ਇਸ ਮਾਹੌਲ ਵਿਚ ਰਚਨਾਤਮਕ ਤਬਦੀਲੀਆਂ ਲਿਆਂਦੀਆਂ ਤ ੇਆਪਣੇ ਤੋਂ ਬਾਦ ਦੀ ਪੰਜਾਬੀ ਕਵਿਤਾ ਦੀ ਸ਼ੈਲੀ ਨੂੰ ਇਕ ਨਵੀੰਂ ਦਿਸ਼ਾ ਦਿੱਤੀ।”
ਉਪਰੋਕਤ ਪੰਜਾਬੀ ਤੇ ਹਿੰਦੀ ਦੇ ਦੋ ਮਹਾਨ ਆਲੋਚਕਾਂ ਵੱਲੋ ਪਾਸ਼ ਬਾਰੇ ਲਿਖਣਾ ਤੇ ਵਿਚਾਰ ਕਰਨਾ ਹੀ ਇਹ ਦੱਸ ਦਿੰਦਾ ਹੈ ਕਿ ਪਾਸ਼ ਦੀ ਕਵਿਤਾ ਬੜੀ ਹੀ ਡੂੰਘਾਈ ਵਿਚ ਲਿਖੀ ਹੋਈ ਹੈ। ਭਾਵੇ ਕਿ ਪਾਸ਼ ਸੁਰੂ ਵਿਚ ਬਹੁਤ ਘੱਟ ਪੜ੍ਹਿਆ ਲਿਖਿਆ ਸੀ ਪਰ ਉਸ ਨੂੰ ਹਿੰਦੀ,ਅੰਗਰੇਜੀ ਤੇ ਪੰਜਾਬੀ ਪੁਸਤਕਾਂ ਪੜ੍ਹਨ ਦਾ ਸੁ਼ਰੂ ਤੋ ਹੀ ਸ਼ੌਕ ਸੀ।ਜਿਸ ਕਾਰਨ ਉਹ ਇਕ ਮਾਅਰਕੇਬਾਜ ਲੇਖਕ ਤੋਂ ਮਹਾਨ ਲੇਖਕ ਤੱਕ ਜਾ ਅੱਪੜਦਾ ਹੈ।
ਪਾਸ਼ ਦੀ ਕਵਿਤਾ ਦੇ ਵਿਸਿ਼ਆਂ ਵਿਚ ਵਿਭਿੰਨਤਾ ਮਿਲਦੀ ਹੈ। ਉਸ ਨੇ ਸਮਾਜਿਕ,ਆਰਥਿਕ,ਰਾਜਨੀਤਿਕ ਅਤੇ ਸੱਭਿਆਚਾਰਕ ਵਿਸਿ਼ਆਂ ਤੇ ਬੜੀ ਵੀ ਵਧੀਆ ਹੱਥ ਅਜਮਾਈ ਕੀਤੀ ਹੈ।ਜਿਸ ਵਿਚ ਉਹ ਪੂਰੀ ਤਰ੍ਹਾ ਸਫ਼ਲ ਰਿਹਾ ਹੈ। ਉਸ ਦੀ ਕਵਿਤਾ ਵਿਚ ਹਰ ਥਾਂ ਵਿਅੰਗ ਪਧ੍ਰਾਨ ਹੈ।ਜਿਸ ਕਾਰਨ ਕਈ ਵਾਰ ਉਸ ਦੀ ਕਵਿਤਾ ਆਮ ਪਾਠਕ ਦੇ ਸਮਝ ਵਿਚ ਇਕ ਦੋ ਵਾਰ ਪੜ੍ਹਨ ਤੋ ਬਾਦ ਹੀ ਆੳਂਦੀ ਹੈ।ਸ਼ੁਰੂ ਵਿਚ ਉਹ ਨਕਸਲਬਾੜੀ ਲਹਿਰ ਤੋ ਪ੍ਰਭਾਵਿਤ ਹੋ ਕੇ ਰਚਨਾ ਕਰਦਾ ਹੈ,ਜਿਵੇ;
ਭੁਮੀ ਅੰਦੋਲਨ ਤਾਂ ਘਰ ਦੀ ਗੱਲ ਹੈ ,
ਇਹ ਕਾਨੂੰ ਸਨਿਆਲ ਕੀ ਸੈਅ ਹੈ?
…………………………।
ਜ਼ਹਿਰ ਤਾ ਕੀਟਸ ਨੇ ਖਾਧਾ ਸੀ ,
ਇਹ ਦਰਸ਼ਨ ਖਟਕੜ ਕੀ ਖਾਂਦਾ ਹੈ?
ਸ਼ੂਰੂ ਤੋ ਹੀ ਉਹ ਇਨਕਲਾਬ ‘ਬਦੂੰਕ ਦੀ ਨਾਲੀ ਵਿਚੋਂ ਨਿਕਲਦਾ ਹੈ ’ ਦੀ ਤਰਜ਼ ਤੇ ਚਲਦਾ ਹੈ ਅਤੇ ਪੂੰਜੀਵਾਦੀ ਨਿਜ਼ਾਮ ਦੀਆਂ ਜੜਾਂ ਉਖਾੜ ਦੇਣੀਆਂ ਚਾਹੁੰਦਾ ਹੈ ਅਤੇ ਉਹ ਸਰਮਾਏਦਾਰਾਂ ਨੂੰ ਇਕ ਚੇਤਾਵਨੀ ਦਿੰਦਾਂ ਹੈ ਜਿਵੇਂ;
ਤੁਸੀ ਲੋਹੇ ਦੀ ਕਾਰ ਝੂਟਦੇ ਹੋ
ਮੇਰੇ ਕੋਲ ਲੋਹੇ ਦੀ ਬਦੂੰਕ ਹੈ
ਮੈਂ ਲੋਹਾ ਖਾਧਾਂ ਹੈ
ਤੁਸੀ ਲੋਹੇ ਦੀ ਗੱਲ ਕਰਦੇ ਹੋ।
ਪਾਸ਼ ਬਾਕੀ ਨਕਸਲਵਾੜੀ ਕਵੀਆਂ ਦੀ ਤਰ੍ਹਾਂ ,ਨਕਸਲਬਾੜੀ ਲਹਿਰ ਦੇ ਇਕ ਨੁਕਾਤੀ ਪ੍ਰੋਗਰਾਮ ਤੇ ਚਲਦਿਆਂ ਦੂਜੀਆਂ ਖੱਬੇ ਪੱਖੀ ਧਿਰਾਂ ਨੂੰ ਸੱਤਾ ਦੇ ਦਲਾਲ ਲਿਖਦਾ ਹੈ।ਸਿਰਫ਼ ਤੇ ਸਿਰਫ਼ ਨਕਸਲਬਾੜੀ ਲਹਿਰ ਨੂੰ ਹੀ ਜਨਤਾ ਦੀ ਮੁਕਤੀ ਦਾ ਸਾਧਨ ਸਮਝਦਾ ਹੈ।ਭਾਵੇ ਕਿ ਜਵਾਨੀ ਦੇ ਜੋਸ਼ ਵਿਚ ਉਸ ਨੂੰੇਂ ਪਤਾ ਨਹੀਂ ਸੀ ਕਿ ਜੋਸ਼ ਦੇ ਨਾਲ ਨਾਲ ਹੋਸ਼ ਦਾ ਹੋਣਾ ਵੀ ਬਹੁਤ ਜਰੂਰੀ ਹੈ।ਕਿਉਂਕਿ ਬਾਦ ਦਾ ਸਾਡਾ ਤਜਰਬਾ ਦੱਸਦਾ ਹੈ ਕਿ ਉਸ ਦੇ ਕਾਫੀ ਨਕਸਲੀ ਮਿੱਤਰਾਂ ਨੇ ਜਾਂ ਤਾਂ ਨਿਰਾੱਸਾਵਸ ਸੰਘਰਸ਼ ਤੋ ਪਾਸਾ ਵੱਟ ਲਿਆ ਜਾਂ ਆਤਮਹੱਤਿਆ ਦੇ ਰਾਹ ਚਲੇ ਗਏ ਅਤੇ ਇਸਤੋ ਵੀ ਵੱਧ ਕੇ ਸਰਕਾਰੀ ਸਰਪ੍ਰਸਤੀ ਹਾਸਿਲ ਕਰਕੇ ਲਾਲ ਬੱਤੀ ਵਾਲੀਆਂ ਕਾਰਾਂ ‘ਚ ਝੁਟੇ ਲੈ ਰਹੇ ਹਨ।ਪਰ ਪਾਸ਼ ਖੱਬੇ ਪੱਖੀਆ ਬਾਰੇ ਲਿਖਦਾ ਹੈ:
ਮਾਰਕਸ ਦਾ ਸੇ਼ਰ ਵਰਗਾ ਸਿਰ
ਦਿੱਲੀ ਦੀਆਂ ਭੁੱਲ- ਭਲੱਈਆਂ ਵਿਚ ਮਿਆਂਕਦਾ ਫਿਰਦਾ
ਅਸੀਂ ਹੀ ਤੱਕਣਾ ਸੀ ਮੇਰੇ ਯਾਰ
ਇਹ ਕੁਫਰ ਸਾਡੇ ਹੀ ਸਮਿਆਂ ਵਿਚ ਹੋਣਾਂ ਸੀ
ਇਹ ਸਰਮਨਾਕ ਹਾਦਸਾ ਸਾਡੇ ਨਾਲ ਹੀ ਹੋਣਾ ਸੀ
ਕਿ ਦੁਨੀਆਂ ਦੇ ਸਭ ਤੋ ਪਵਿੱਤਰ ਹਰਫ਼ਾ ਨੇ
ਬਣ ਜਾਣਾ ਸੀ ਸਿੰਘਾਸਣ ਦੇ ਪੌਡੇ।
ਪਰ ਪਾਸ਼ ਇਸ ਗੱਲੋਂ ਵੀ ਸੁਚੇਤ ਹੈ ਕਿ ਕਮਿਊਨਿਸਟਾ ਦਾ ਸਾਫ-ਸੁਥਰਾ ਚਰਿੱਤਰ ਹੋਣਾ ਕਿੰਨਾ ਜਰੂਰੀ ਹੈ।ਉਸ ਨੂੰ ਪਤਾ ਹੈ ਕਿ ਸੰਘਰਸ ਤੋ ਬਿਨ੍ਹਾ ਕਮਿਊਨਿਸਟ ਲਹਿਰ ਜਿੰਦਾ ਨਹੀ ਰਹਿ ਸਕਦੀ।ਉਸ ਨੂੰ ਇਸ ਗੱਲ ਦਾ ਵੀ ਚੰਗੀ ਤਰ੍ਹਾ ਅਹਿਸਾਸ ਹੈ ਕਿ ਜੇਕਰ ਕੋਈ ‘ਕਾਮਰੇਡ’ ਆਪਣੀ ਸਹੂਲੀਅਤ ਅਨੁਸਾਰ ਮਾਰਕਸ, ਏਗਲਜ਼,ਲੈਨਿਨ ਦੀਆਂ ਰਚਨਾਵਾਂ ਦੇ ਅਰਥ ਕੱਢਕੇ ਇਸ ਸੰਘਰਸ ਤੋਂ ਭੱਜਦਾ ਹੈ ਤਾਂ ਉਹ ਸਮਾਜ ਲਈ ਬਹੁਤ ਹੀ ਜਿਆਦਾ ਖਤਰਨਾਕ ਹੁੰਦਾ ਹੈ।ਇਸੇ ਕਾਰਨ ਉਹ ਆਪਣੀ ਕਵਿਤਾ ‘ਕਾਮਰੇਡ ਨਾਲ ਗੱਲਬਾਤ’ ਵਿਚ ਲਿਖਦਾ ਹੈ;
ਇਹ ਬਹੁਤ ਖੂੰਖਾਰ ਇਤਫਾ਼ਕ ਹੈ ਸਾਥੀ,
ਕਿ ਮਹਾਨ ਏਗਲਜ਼ ਦੀ ‘ਮਾਲਕੀ’ ਟੱਬਰ ਤੇ ਰਿਆਸਤ,
ਆਪਾਂ ਕੱਠਿਆਂ ਪੜ੍ਹੀ ਸੀ
ਤੂੰ ਉਸ ਦਿਨ ਕਿਰਦੀ ਜਾਂਦੀ ਮਾਲਕੀ ਤੇ ਥੁੱਕਿਆ,ਟੱਬਰ ਨੂੰ ਵਿਦਾ ਆਖਕੇ
ਰਿਆਸਤ ਨੂੰ ਸਿੱਝਣ ਚਲਾ ਗਿਆ।
ਅਤੇ
ਸਿਰਫ ਤੂੰ ਆਪਣੀ ਸਹੂਲੀਅਤ ਲਈ
ਸਬਦਾਂ ਨੂੰ ਛਾਂਗਣਾਂ ਸਿਖ ਲਿਆ,
ਤੂੰ ੳੇੁਨ੍ਹਾਂ ਨੂੰ ਕਦੀ ਨਹੀਂ ਤੱਕਿਆ
ਜਿਵੇਂ ਆਂਡਿਆ ‘ਚ ਮਚਲ ਰਹੇ ਚੂਚੇ ਹੋਣ।
ਪਾਸ਼ ਅੱਗੇ ਲਿਖਦਾ ਹੈ ਕਿ ਲੋਕਾਂ ਤੇ ਹੋ ਰਹੇ ਤਸੱਦਦ ਤੇ ਚੁੱਪ ਰਹਿਣਾ ਅਤੇ ਚੁੱਪ-ਚਾਪ ਧੱਕੇਸਾਹੀ ਨੂੰ ਸਹਿਣ ਕਰਨਾ ਸਭ ਤੋ ਖਤਰਨਾਕ ਹੁੰਦਾ ਹੈ। ਜਿਵੇ ਗੁਰੂ ਗੋਬਿਦ ਸਿੰਘ ਨੇ ਕਿਹਾ ਸੀ ਕਿ ਜੇਕਰ ਜੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਮਹਾ ਪਾਪ ਹੈ।ਇਸੇ ਤਰਜ਼ ਤੇ ਪਾਸ਼ ਮਜਦੂਰ ,ਕਿਸਾਨ ਜਮਾਤ ਨੂੰ ਉੱਠਣ ਦਾ ਸੱਦਾ ਦਿੰਦਾਂ ਲਿਖਦਾ ਹੈ;
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾਂ
ਘਰਾਂ ਤੋਂ ਨਿਕਲਣਾ ਕੰਮ ਤੇ,ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖਤਰਨਾਕ ਹੁੰਦਾ ਹੈ,ਸਾਡੇ ਸੁਪਨਿਆਂ ਦਾ ਮਰ ਜਾਣਾ। ਼
ਪਾਸ਼ ਆਪਣੀ ਕਵਿਤਾ ਵਿਚ ਇਤਿਹਾਸਕ ਹਵਾਲਿਆ ਦਾ ਵੀ ਪ੍ਰਯੋਗ ਕਰਦਾ ਹੈ।ਜਿਵੇਂ ਬਾਬਰ ਵਰਗੇ ਧਾੜ੍ਹਵੀ ਨੇ 1526 ਵਿਚ ਜਦੋਂ ਭਾਰਤ ਤੇ ਹਮਲਾ ਕੀਤਾ ,ਬਹੁਤ ਸਾਰੇ ਬੱਚੇ,ਔਰਤਾਂ ,ਬੁੱਢਿਆਂ ਅਤੇ ਨਿਹੱਥੇ ਲੋਕਾਂ ਤੇ ਅੱਤਿਆਚਾਰ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਵਿਰੋਧ ਕੀਤਾ।ਜਿਸ ਨੂੰ ਹਵਾਲਾ ਬਣਾਕੇ ਪਾਸ਼ ਆਪਣੀ ਕਵਿਤਾ ਵਿਚ ਬਾਬੇ ਨਾਨਕ ਨੂੰ ਸੰਬੋਧਤ ਹੁੰਦਾ ਕਹਿੰਦਾ ਹੈ;
“ਇਸ ਵਾਰ ਪਾਪ ਦੀ ਜੰਝ ਬੜ੍ਹੀ ਦੂਰੋ ਆਈ ਹੈ
ਪਰ ਅਸਾ ਬੇਰੰਗ ਮੋੜ ਦੇਣੀ ਹੈ
ਮਾਸਕੋ ਜਾਂ ਵਾਸਿੰਗਟਨ ਦੀ ਮੋਹਰ ਵੀ ਨਹੀਂ ਤੱਕਣੀ,
ਜੋ਼ਰੀ ਦਾ ਦਾਨ ਕੀ,
ਅਸਾਂ ਅੱਡੀਆ ਹੋਈਆ ਤਲੀਆ ਤੇ ਵੀ ਥੁੱਕ ਦੇਣਾ ਹੈ।
ਪਾਸ਼ ਦੀ ਕਵਿਤਾ ਵਿਚ ਕਿਸਾਨਾਂ, ਮਜ਼ਦੂਰਾਂ,ਦੀ ਤਰਸਯੋਗ ਹਾਲਤ ਦਾ ਵੀ ਜਿ਼ਕਰ ਮਿਲਦਾ ਹੈ ਕਿ ਕਿਵੇਂ ਲੋਟੂ ਜਮਾਤ ਦੱਬੇ,ਕੁਚਲੇ ਲੋਕਾਂ ਤੇ ਵਿਆਜ ਪਰ ਵਿਆਜ ਲਾਕੇ ਉਨ੍ਹਾਂ ਦਾ ਸੋਸ਼ਣ ਕਰਦੀ ਹੈ।ਹੱਡਤੋੜਵੀ ਮਿਹਨਤ ਦੇ ਬਾਵਜ਼ੂਦ ਵੀ ਉਹ ਇਸ ਕਰਜ਼ੇ ਤੋ ਉਮਰ ਭਰ ਮੁਕਤੀ ਨਹੀਂ ਪਾ ਸਕਦੇ।ਇਸ ਬਾਰੇ ਪਾਸ਼ ਲਿਖਦਾ ਹੈ;
ਪਰ ਜੇ ਦੇਸ਼
ਰੂਹ ਦੀ ਵੰਗਾਰ ਦਾ ਕੋਈ ਕਾਰਖਾਨਾ ਹੈ
ਪਰ ਜੇ ਦੇਸ਼ ਉੱਲੂ ਬਣਨ ਦਾ ਪ੍ਰਯੋਗ ਘਰ ਹੈ
ਤਾਂ ਸਾਨੂੰ ਉਸ ਤੋ ਼ਖਤਰਾ ਹੈ
ਜੇ ਦੇਸ਼ ਦਾ ਅਮਨ ਇਹੋ ਹੁੰਦੈ
ਕਿ ਕਰਜੇ ਦੇ ਪਹ੍ਹਾੜਾਂ ਤੋ ਰਿੜਦਿਆਂ,ਪੱਥਰਾਂ ਵਾਂਗ ਟੁੱਟਦੀ ਰਹੇ ਹੋਦ ਸਾਡੀ।
ਕਿ ਤਨਖਾਹਾਂ ਦੇ ਮੂੰਹ ਤੇ ਥੁੱਕਦਾ ਰਹੇ ਕੀਮਤਾਂ ਦਾ ਬੇਸ਼ਰਮ ਹਾਸਾ
ਕਿ ਆਪਣੇ ਲਹੂ ਨਾਲ ਨਹਾਉਣਾ ਹੀ ਤੀਰਥ ਦਾ ਪੁੰਨ ਹੋਵੇ
ਤਾ ਸਾਨੂੰ ਅਮਨ ਤੋ ਖਤਰਾ ਹੈ।
ਅੱਗੇ ਉਹ ਕਿਸਾਨਾ ਦੀ ਤਰਸਯੋਗ ਆਰਥਿਕ ਦਸਾ ਬਾਰੇ ਆਪਣੀ ਕਵਿਤਾ ਵਿਚ ਲਿ਼ਖਦਾ ਹੈ;
ਇਹ ਤਾਂ ਸਾਰੀ ਉਮਰ ਨਹੀਂ ਲੱਥਣਾ
ਭੈਣਾਂ ਦੇ ਵਿਆਹਾਂ ਤੇ ਚੁੱਕਿਆ ਕਰਜ਼ਾ
ਪੈਲੀਆਂ ਵਿਚ ਛਿੜਕੇ ਲਹੂ ਦਾ
ਹ੍ਹਰ ਕਤਰਾ ਵੀ ਇਕੱਠਾ ਕਰਕੇ,ਇਨ੍ਹਾਂ ਰੰਗ ਨਹੀਂ ਬਣਨਾ
ਕਿ ਚਿਤਰ ਲਵਾਂਗੇ ,ਇਕ ਸਾਂਤ
ਮਸਕਰਾਉਂਦੇਂ ਹੋਏ ਜਣੇ ਦਾ ਚਿਹਰਾ।
ਇਸੇ ਕਾਰਨ ਪਾਸ਼ ਇਸ ਤੋ ਮੁਕਤੀ ਲਈ ਸਭ ਕੁਝ ਸੱਚੀ-ਮੁੱਚੀ ਦਾ ਲੋਚਦਾ ਹੈ ਅਤੇ ਪੂੰਜੀਵਾਦੀ ਸਰਮਾਏਦਾਰ ਨੇਤਾਵਾਂ ਨੂੰ ਵੀ ਵੰਗਾਰਦਾ ਹੈ। ਉਹ ਸਮਾਜ ਬਦਲਣ ਲਈ ਹਰ ਸੰਭਵ ਕੋਸਿ਼ਸ਼ ਕਰਨਾ ਲੋਚਦਾ ਹੈ। ਇਸੇ ਲਈ ਉਹ ਲਿਖਦਾ ਹੈ;
ਅਸੀਂ ਐਵਂੇ ਮੁੱਚੀ ਦਾ ਕੁਝ ਵੀ ਨਹੀਂ ਚਾਹੁੰਦੇ
ਜਿਸ ਤਰ੍ਹਾ ਸਾਡੇ ਡੌਲਿਆਂ ਵਿਚ ਖੱਲੀਆਂ ਹਨ
ਜਿਸ ਤਰ੍ਹਾਂ ਬਲਦਾਂ ਦੀ ਪਿੱਠ ਤੇ ਉੱਭਰੀਆਂ,ਪਰਾਂਣੀਆਂ ਦੀਆਂ ਲਾਸ਼ਾਂ ਹਨ,
ਜਿਸ ਤਰ੍ਹਾਂ ਕਰਜੇ ਦੇ ਕਾਗਜਾਂ ਵਿਚ,ਸਾਡਾ ਸਹਿਮਿਆਂ ਤੇ ਸੁੰਗੜਿਆਂ ਭਵਿੱਖ ਹੈ,
ਅਸੀਂ ਜਿੰਦਗੀ, ਬਰਾਬਰੀ ਜਾਂ ਕੁਝ ਵੀ ਹੋਰ
ਏਸੇ ਤਰ੍ਹਾਂ ਸੱਚੀ ਮੁੱਚੀ ਦਾ ਚਾਹੁੰਦੇ ਹਾਂ।
ਅੱਗੇ ਉਹ ਪੂੰਜੀਵਾਦੀਆਂ ਨੂੰ ਲਲਕਾਰਦਾ ਆਪਣੇ ਕਿਰਤੀ,ਕਿਸਾਨ ਪੱਖੀ ਹੋਣ ਦਾ ਦਾਅਵਾ ਕਰਦਾ ਹੈ ਅਤੇ ਲਿਖਦਾ ਹੈ;
ਮੇਰੇ ਤੋ ਆਸ ਨਾ ਰੱਖਿਓ
ਕਿ ਮੈਂ ਖੇਤਾ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸੁਆਦਾ ਦੀ ਗੱਲ ਕਰਾਗਾਂ
ਜਿੰਨ੍ਹਾ ਦੇ ਹੜ੍ਹ ‘ਚ ਰੁੜ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ
ਕੰਜਕਾਂ ਜਿਹਾ ਹਾਸਾ।
ਪਾਸ਼ ਦੀ ਕਵਿਤਾ ਦਾ ਮੁੱਖ ਵਿਸ਼ਾ ਸਮਾਜਵਾਦ ਹੈ,ਜੋ ਕਿ ਮਨੁੱਖੀ ਆਜ਼ਾਦੀ ਦਾ ਮੁੱਖ ਉਦੇਸ਼ ਹੈ।ਪਾਸ਼ ਨਕਸਲਬਾੜੀ ਲਹਿਰ ਤੋਂ ਵੀ ਇਸੇ ਲਈ ਪ੍ਰਭਾਵਿਤ ਹੋਇਆ ਕਿ ਉਹ ਸਮਾਜ ਵਿਚ ਬਰਾਬਰੀ ਦੀ ਗੱਲ ਸੋਚਦਾ ਸੀ।ਉਹ ਵਰਗ ਰਹਿਤ ਸਮਾਜ ਦੀ ਸਿਰਜਣਾ ਦਾ ਸੁਪਨਾ ਲੈਦਾਂ ਸੀ ਅਤੇ ਉਸ ਨੂੰ ਪਤਾ ਸੀ ਕਿ ਇਨਕਲਾਬ ਦੀ ਪ੍ਰਾਪਤੀ ਸਰਮਾਏਦਾਰੀ ਨੂੰ ਖਤਮ ਕਰੇ ਬਿਨ੍ਹਾ ਨਾ ਮੁਮਕਿਨ ਹੈ।ਇਸ ਕੜੀ ਵਿਚ ਉਹ ਸਿਰਫ ਹਿੰਦੋਸਤਾਨ ਦੀ ਗੱਲ੍ਹ ਨਹੀਂ ਕਰਦਾ ਸਗੋਂ ਪੂਰੀ ਦੁਨੀਆਂ ਦੇ ਯੋਧਿਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਾ ਹੈ।ਜਿਵੇਂ ਲੰਕਾ ਦੇ ਆਜ਼ਾਦੀ ਪ੍ਰੇਮੀਆਂ ਨਾਲ ਇਕਮੁੱਠਤਾ ਜਾਹਿਰ ਕਰਦਾ ਉਹ ਲਿਖਦਾ ਹੈ;
ਤੇਰੇ ਵੀ ਦਿਲ ਚੋਂ ਅੱਗ ਭੜਕੀ,ਮੇਰਾ ਵੀ ਲਹੂ ਉਬਲਿਆ,
ਜੇ ਤੂੰ ਹਥਿਆਰ ਚੁੱਕੇ ਨੇ,ਤੇ ਮੈਂ ਕਦ ਸਬਰ ਕੀਤਾ ਹੈ,
ਮੇਰੇ ਲੰਕਾ ਦੇ ਵੀਰੋ, ਆਪਾਂ ਇਕ ਦਰਦ ਜੀਦੇ ਹਾਂ,
ਮੇਰਾ ਲਹੂ ਰਾਮ ਨੇ ਪੀਤਾ, ਤੇਰਾ ਰਾਵਣ ਨੇ ਪੀਤਾ ਹੈ।
ਇਸੇ ਨਾਲ ਜੋੜ ਕੇ ਉਹ ਕਹਿੰਦਾ ਹੈਕਿ ਪੂਰੀ ਦੁਨੀਆਂ ਅੰਦਰ ਸਮਾਜਵਾਦ ਦੀ ਇਕ ਲਹਿਰ ਚੱਲੀ ਹੋਈ ਹੈ;
ਇਕ ਅਫਰੀਕੀ ਸਿਰ,ਚੀ ਗੁਵੇਰਾ ਨੂੰ ਨਮਸਕਾਰ ਕਰਦਾ ਹੈ
ਆਰਤੀ ਕਿਤੇ ਵੀ ਉਤਾਰੀ ਜਾ ਸਕਦੀ ਹੈ,ਪੁਲਾੜ੍ਹ ਵਿਚ…ਪ੍ਰਿਥਵੀ ਤੇ
ਕਿਊਬਾ ਵਿਚ… ਬੰਗਾਲ ਵਿਚ।
ਪਾਸ਼ ਬਾਕੀ ਨਕਸਲਬਾੜੀ ਕਵੀਆਂ ਵਾਂਗ ਭਾਰਤੀ ਨਿਜਾਮ ਦਾ ਹਰ ਕਾਨੂੰਨ,ਹਰ ਅਧਿਕਾਰ ਮੰਨਣ ਤੋਂ ਇਨਕਾਰੀ ਹੈ।ਉਹ ਇਸ ਸਭ ਨੂੰ ਼ਫਜੂਲ ਮੰਂਨਦਾ ਹੈ,ਜਦੋਂ ਉਹ ਭਾਰਤੀ ਸੰਵਿਧਾਨ ਬਾਰੇ ਲਿਖਦਾ ਹੈ;
ਇਹ ਪੁਸਤਕ ਮਰ ਚੁੱਕੀ ਹੈ
ਇਹਨੂੰ ਨਾ ਪੜ੍ਹੋ
ਹੁਣ ਜੇ ਇਸਨੂੰ ਪੜ੍ਹੋਗੇ
ਤਾਂ ਪਸ਼ੂ ਬਣ ਜਾਉਗੇ
ਸੁੱਤੇ ਹੋਏ ਪਸੂ।
ਪਾਸ਼ ਅੱਗੇ ਜਾ ਕੇ ਭਾਰਤੀ ਨੇਤਾਵਾਂ ਬਾਰੇ ਲਿਖਦਾ ਹੈ ਕਿ ਇਹ ਦਿਖਾਵੇ ਵਜ਼ੋ ਆਪਣੇ ਆਪਨੂੰ ਗਰੀਬ ਲੋਕਾਂ ਦਾ ਹਿਤੈਸ਼ੀ ਪੇਸ਼ ਕਰਦੇ ਹਨ ਅਤੇ ਅੰਦਰੋ ਸਰਮਾਏਦਾਰਾਂ ਦਾ ਪੱਖ ਪੂਰਦੇ ਹਨ।ਬੁੱਢੇ ਹੋ ਕੇ ਵੀ ਕੁਰਸੀ ਨਾਲ ਚਿੰਬੜੇ ਰਹਿੰਦੇ ਹਨ ਭਾਵੇ ਉਨ੍ਹਾਂ ਦੇ ਗੋਢੇ ਗਿੱਟੇ ਕੰਮ ਨਾ ਕਰਦੇ ਹੋਣ।ਇਨ੍ਹਾਂ ਬਾਰੇ ਉਹ ਲਿਖਦਾ ਹੈ;
ਮੈਂ ਦੱਸਦਾ ਹਾਂ ਤੁਸੀ ਕੀ ਹੋ
ਤੁਸੀ ਕਿੱਕਰਾਂ ਦੇ ਬੀਅ ਹੋਂ
ਜਾਂ ਟੁੱਟਿਆ ਹੋਇਆ ਟੋਕਰਾ
ਜੋ ਕੁਝ ਵੀ ਚੁੱਕਣ ਤੋਂ ਅਸਮਰਥ ਹੈ।
ਪਰ ਪਾਸ਼ ਨਕਸਲਬਾੜੀ ਸੁਭਾਅ ਅਨੁਸਾਰ ਕਈ ਵਾਰ ਉਤੇਜਨਾ’ਚ ਆ ਕੇ ਕਈ ਵਾਰ ਕਲਾ ਅਤੇ ਕਲਾਕਾਰਾਂ ਬਾਰੇ ਵੀ ਗਲਤ ਬਿਆਨੀ ਕਰ ਜਾਂਦਾ ਹੈ।ਜਿਸ ਨਾਲ ਸਹਿਮਤ ਹੋਣਾ ਬਹੁਤ ਮੁਸ਼ਕਿਲ ਹੈ।ਇਸ ਬਿਆਨੀ ਤੋਂ ਇੰਝ ਵੀ ਜਾਪਦਾ ਹੈ ਕਿ ਉਹ ਨਕਸਲਬਾੜੀ ਲਹਿਰ ਦਾ ਅੰਨਾਂ ਭਗਤ ਹੈ,ਜੋ ਕਿ ਇਸ ਤੋ ਬਾਹਰ ਕੁਝ ਨਹੀਂ ਦੇਖਦਾ।ਉਹ ਵਧੀਆ ਕਲਾਕਾਰੀ ਤੇ ਸੱਚਾਈ ਨੂੰ ਮੰਨਣ ਤੋਂ ਵੀ ਇਨਕਾਰੀ ਹੈ,ਜੋ ਕਿ ਉਸ ਦੀ ਸਿਧਾਂਤਕ ਕੱਚਿਆਈ ਤੋਂ ਵੱਧ ਹੋਰ ਕੁਝ ਨਹੀਂ ਜਾਪਦਾ।ਜਿਵੇਂ ਕਿ ਹੇਠ ਲਿਖੀਆਂ ਸਤਰਾਂ ਹਨ;
ਮੈਨੂੰ ਨਹੀਂ ਚਾਹੀਦੇ ਅਮੀਨ ਸਯਾਨੀ ਦੇ ਡਾਇਲਾਗ,
ਸਾਭੋਂ ਆਨੰਦ ਬਖਸੀ,ਤੁਸੀ ਜਾਣੋ ਲਕਸ਼ਮੀ ਕਾਂਤ,
ਮੇਰੇ ਮੂੰਹ ‘ਚ ਤੁੰਨ ਦਿਓ ਯਮਲੇ ਜੱਟ ਦੀ ਤੂੰਬੀ
ਮੇਰੇ ਮੱਥੇ ਤੇ ਝਰੀਟ ਦਿਓ ਟੈਗੋਰ ਦਾ ਨੈਸ਼ਨਲ ਇੰਥਮ
ਮੇਰੀ ਹਿੱਕ ਤੇ ਚਿਪਕਾ ਦਿਓ ਗੁਲਸਨ ਨੰਦਾ ਦੇ ਨਾਵਲ।
ਅੱਗੇ ਉਹ ਗੁੱਸੇ ਚ ਆਕੇ ਲਿਖਦਾ ਹੈ;
ਇਸ ਦਾ ਜੋ ਵੀ ਨਾ ਹੈ ਗੁੰਡਿਆਂ ਦੀ ਸਲਤਨਤ ਦਾ
ਮੈ ਇਸ ਦਾ ਨਾਗਰਿਕ ਹੋਣ ਤੇ ਥੁੱਕਦਾ ਹਾਂ
ਮੰੈਂ ਉਸ ਪਾਇਲਟ ਦੀਆਂ
ਮੀਸਣੀਆਂ ਅੱਖਾਂ ਵਿਚ ਰੜਕਦਾ ਭਾਰਤ ਹਾਂ
ਪਾਸ਼ ਆਪਣੀ ਕਵਿਤਾ ਵਿਚ ਸ਼ਾਤੀ ਤੇ ਫਿਰਕਾਪ੍ਰਸਤੀ ਵਿਸ਼ੇ ਵੀ ਛੋਹੇ ਹਨ।ਫਿਰਕਾਪ੍ਰਸਤੀ ਬਾਰੇ ਉਹ ਲਿਖਦਾ ਹੈ;
ਕਣਕਾਂ ਦੇ ਸਿੱਟਿਆ ਤੋ ਪਰਾ
ਜਨਰਲ ਡਾਇਰ ਦਾ ਮਕਾਰ ਚਿਹਰਾ ਹੱਸਦਾ ਹੈ
ਪੰਜਾਂ ਪਿਆਰਿਆਂ ਦੇ ਗੱਦੀ ਨਸੀਨਾ ਨੇ
ਔਰੰਗਜੇਬੀ ਟੋਪੀ ਪਾਈ ਹੈ
ਵਿਸਾਖੀ ਦਾ ਮੇਲਾ ਦੇਖੇਗਾ ਕੌਣ।
ਇਸ ਤਰ੍ਹਾ ਅਮਨ ਸ਼ਾਂਤੀ ਦੀ ਗੱਲ ਕਰਦਾ ਉਹ ਲਿਖਦਾ ਹੈ;
ਰੇਡੀਓ ਨੂੰ ਆਖੋ, ਸਹੁੰ ਖਾਕੇ ਤਾ ਕਹੇ
ਧਰਤੀ ਜੇ ਮਾਂ ਹੁੰਦੀ ਹੈ ਤਾਂ ਕਿਸ ਦੀ
ਇਹ ਪਾਕਿਸਤਾਨੀਆਂ ਦੀ ਕੀ ਹੋਈ
ਤੇ ਭਾਰਤ ਵਾਲਿਆਂ ਦੀ ਕੀ ਲੱਗੀ?
ਪਾਸ਼ ਨੇ ਕਵਿਤਾ ਵਿਚ ਬਿੰਬਾ ਨੂੰ ਆਮ ਲੋਕਾਈ ਵਿਚੋਂ ਲਿਆ ਹੈ।ਉਸ ਨੇ ਬਿੰਬ ਰੂਪ ਵਿਚ ਲੋਕਗੀਤਾ ਦੇ ਪਾਤਰਾ ਨਾਲ ਸੰਬਾਦ ਰਚਾਏ ਹਨ ਅਤੇ ਉਨ੍ਹਾਂ ਨੂੰ ਨਿਤ ਪ੍ਰਤੀ ਦੀਆਂ ਸਮੱਸਿਆਵਾਂ ਨਾਲ ਜੋੜ੍ਹਿਆਂ ਹੈ।ਜਿਵੇਂ ਕਿ {ਛੰਨੀ ਵੇ ਲੋਕੜੀਏ -ਛੰਨੀ,ਰੱਬ ਦੇਵੇ ਵੇ ਵੀਰਾ ਤੈਨੂੰ ਬੰਨੀ}ਪਾਸ਼ ਇਸ ਗੀਤ ਦੇ ਜਵਾਬ ਰੂਪ ਵਿਚ ਲਿਖਦਾ ਹੈ।
ਛੰਨੀ ਤਾ ਛੰਨੀ ਹੋਈ
ਪਰ ਗੁੱਡੀਏ ਤੇਰੇ ਗੀਤਾਂ ਨਾਲ
ਤੇਰੇ ਵੀਰ ਨੂੰ ਬੰਨੀ ਨਹੀਂ ਲੱਭਣੀ
ਉਸ ਨੂੰ ਮਾਰ ਜਾਵੇਗਾ
ਬਾਬਲ ਦੀ ਘੱਟ ਜਮੀਨ ਦਾ ਪਰਛਾਵਾਂ
ਉਸ ਦੀਆਂ ਪਾਸ ਕੀਤੀਆ ਦਸਾਂ ਨੂੰ
ਚਰ ਜਾਣਗੇ ਮਰੀਅਲ ਜਿਹੇ ਝੋਟੇ
ਤੇ ਉਸ ਦੀ ਚਕਲੇਦਾਰ ਹਿੱਕ ਤੇ
ਫੁਲਕੇ ਬੇਲਦੀ ਰਹੇਗੀ
ਨਿੱਤ ਹੀ ਵਿਗੜੇ ਰਹਿੰਦੇ ਇੰਜਣ ਦੀ ਤਕਾਵੀ।
ਇਸੇ ਤਰ੍ਹਾਂ ਲੋਕਗੀਤ ‘ਚਿੜ੍ਹੀਆਂ ਦਾ ਚੰਬਾ’ ਦੀ ਗੱਲ ਕਰਦਿਆਂ ਉਹ ਲਿਖਦਾ ਹੈ ਕਿ ਗਰੀਬ ਲੜ੍ਹਕੀਆਂ ਦੀ ਸਾਰੀ ਜਿੰਦਗੀ ਦੁੱਖਾਂ ਤਕਲੀਫਾ ਸੰਗ ਬੀਤਦੀ ਹੈ।ਇਸ ਲਈ ਇਹ ਗੀਤ ਉਨ੍ਹਾਂ ਲਈ ਨਹੀਂ ਸਾਇਦ ਕਿਸੇ ਹੋਰ ਜਮਾਤ ਲਈ ਹਨ।ਜਿਵੇਂ ਉਹ ਹੇਠ ਲਿਖੀਆਂ ਸਤਰ੍ਹਾਂ ਵਿਚ ਜਿ਼ਕਰ ਕਰਦਾ ਹੈ:
ਚਿੜ੍ਹੀਆਂ ਦਾ ਚੰਬਾ ਉਡਕੇ ਕਿਤੇ ਨਹੀਂ ਜਾਣਾ
ਐਥੇ ਹੀ ਕਿਤੇ ਬੰਨਿਆਂ ਤੇ ਘਾਹ ਖੋਤੇਗਾ
ਰੱ੍ਰੁਖੀਆਂ ਮਿੱਸੀਆ ਰੋਟੀਆ ਢੋਇਆ ਕਰੇਗਾ
ਤੇ ਮੈਲੀਆਂ ਚੁੰਨੀਆਂ ਭਿਉਂ ਕੇ
ਲੋਆਂ ਨਾਲ ਲੂਸੇ ਚਿਹਰਿਆਂ ਤੇ ਫੇਰੇਗਾ।
ਪਾਸ਼ ਦੀ ਕਵਿਤਾ ਵਿਚ ਵਿਅੰਗ ਪ੍ਰਧਾਨ ਹੈ।ਉਸ ਦੀ ਭਾਸ਼ਾ ਸ਼ੈਲੀ ਸਰਲ ਹੈ,ਪਰ ਕਈ ਵਾਰ ਡੂੰਘਾ ਵਿਅੰਗ ਹੋਣ ਕਾਰਨ ਉਸ ਦੀ ਕਵਿਤਾ ਆਮ ਪਾਠਕ ਦੇ ਸਮਝ ਵਿਚ ਨਹੀਂ ਆਉਦਂੀ।ਉਸ ਦੀ ਕਵਿਤਾ ਵਿਚ ਵਿਅੰਗ ਪ੍ਰਗਤੀਵਾਦੀ ਕਵੀਆਂ ਵਾਲਾ ਹੈ ਜੋ ਕਿ ਆਮ ਲੋਕਾਂ ਨੂੰ ਸੰਘਰਸ ਦਾ ਸੱਦਾ ਦਿੰਦਾ ਹੈ।ਡਾ.ਟੀ.ਆਰ.ਵਿਨੋਦ ,ਉਸ ਦੀ ਕਵਿਤਾ ਵਿਚ ਸੁਹਜ ਬਾਰੇ ਲਿਖਦੇ ਹਨ,”ਪਾਸ਼ ਦੀ ਕਵਿਤਾ ਦਾ ਸੁਹਜ ਮਨੁੱਖ ਨੂੰ ਅਜੇਹੇ ਯਤਨ ਦੀ ਚੇਤਨਾ ਪ੍ਰਦਾਨ ਕਰਨ ਵਿਚ ਹੈ ਜੋ ਇਤਿਹਾਸ ਦੇ ਇਕ ਖਾਸ ਦੌਰ ਵਿਚੋਂ ਪੈਦਾ ਹੋ ਕੇ,ਇਸ ਦੌਰ ਦੇ ਅਗਲੇਰੇ ਵਿਕਾਸ ਲਈ ਲਾਜ਼ਮੀ ਸ਼ਰਤ ਹੋ ਨਿਬੜਦੀ ਹੈ।ਇਹ ਚੇਤਨਾ ਸੇ਼੍ਰਣੀ ਸਮਾਜ ਦੇ ਵਿਨਾਸ ਉਤੇ ਸ੍ਰ਼ੇਣੀ ਰਹਿਤ ਸਮਾਜ ਦੇ ਸਿਰਜਣ ਦੀ ਚੇਤਨਾ ਹੈ ਜੋ ਉਸ ਦੀ ਕਵਿਤਾ ਵਿਚ ਸੰਸਕ੍ਰਿਤੀ ਦੇ ਇਕ ਤੋ ਜਿਆਦਾ ਖੇਤਰਾਂ ਵਿਚ ਕਾਰਜਸ਼ੀਲ ਨਜ਼ਰ ਆਉਂਦੀ ਹੈ।ਇਉਂ ਉਸ ਦੀ ਕਵਿਤਾ ਦੀ ਸਿਰਜਣ ਵਿਧੀ ਮੂ਼ਲ-ਮੂਲਕ ਹੋ ਨਿਬੜਦੀ ਹੈ।ਜਿਵੇ ਕਿ ਹੱਥ ਦੀ ਮਹੱਤਤਾ ਬਾਰੇ ਲਿਖਦਿਆਂ ਉਹ ਸੁਹਜ ਪ੍ਰਗਟ ਕਰਦਾ ਹੈ;
ਹੱਥ ਜੇ ਹੋਣ ਤਾਂ
ਹ੍ਹੀਰ ਹੱਥੋਂ ਚੂਰੀ ਫੜਨ ਲਈ ਹੀ ਨਹੀਂ ਹੁੰਦੇ
ਸੈਦੇ ਦੀ ਜਨੇਤ ਡੱਕਣ ਲਈ ਵੀ ਹੁੰਦੇ ਹਨ
ਕੈਦੋ ਦੀਆਂ ਵੱਖੀਆ ਤੋੜਨ ਲਈ ਵੀ ਹੁੰਦੇ ਹਨ
ਹੱਥ ਕਿਰਤ ਕਰਨ ਲਈ ਹੀ ਨਹੀਂ ਹੁੰਦੇ
ਲੋਟੂ ਹੱਥਾਂ ਨੂੰ ਤੋੜਨ ਲਈ ਵੀ ਹੁੰਦੇ ਹਨ।
ਇਸ ਤੋਂ ਇਲਾਵਾ ਜਿਥੋਂ ਤੱਕ ਪ੍ਰਤੀ ਬੱਧਤਾ ਦਾ ਸਵਾਲ ਹੈ,ਪਾਸ਼ ਬਾਕੀ ਸਾਰੇ ਨਕਸਲਬਾੜੀ/ਜੁਝਾਰਵਾਦੀ ਕਵੀਆਂ ਨਾਲੋ ਪਰਪੱਕ ਹੈ।ਜਦੋਂ ਕਿ ਸੰਤ ਰਾਮ ਉਦਾਸੀ ਤੇ ਲਾਲ ਸਿੰਘ ਦਿਲ ਵਰਗੇ ਕਵੀ ਕਈ ਥਾਵਾਂ ਤੇ ਆਪਣੇ ਉਦੇਸ਼ ਤੋ ਥਿੜ੍ਹਕਦੇ ਨਜ਼ਰ ਆਉਦੇ ਹਨ ਅਤੇ ਨਿਰਾਸਾਵਸ ਕਈ ਗਲਤ ਆਦਤਾਂ ਦੇ ਸਿ਼ਕਾਰ ਹੋ ਜਾਂਦੇ ਹਨ।ਪਰ ਪਾਸ਼ ਆਪਣੀ ਸਾਰੀ ਜਿੰਦਗੀ ਲੋਕਾਂ ਦੇ ਅੰਗ-ਸੰਗ ਰਿਹਾ ਤੇ ਲਹਿਰ ਪ੍ਰਤੀ ਪੂਰੀ ਤਰ੍ਹਾਂ ਨਾਲ ਸੁਹਿਰਦ ਰਿਹਾ।ਪਾਸ਼ ਤੇ ਭਾਵੇ ਇਹ ਦੋਸ ਲਾਇਆ ਜਾਦਾ ਹੈ ਕਿ ਜੱਟ ਪੁੱਤਰ ਹੋਣ ਕਾਰਨ ਉਸ ਨੂੰ ਜਿਆਦਾ ਪ੍ਰਸਿਧੀ ਮਿਲੀ ਅਤੇ ਸੰਤ ਰਾਮ ਉਦਾਸੀ ਤੇ ਲਾਲ ਸਿੰਘ ਦਿਲ ਨੂੰ ਦਲਿਤ ਹੋਣ ਕਾਰਨ ਜਾਣਬੁੱਝ ਕੇ ਜਿਆਦਾ ਲੋਕਾ ਨੇ ਨਹੀਂ ਪੜ੍ਹਿਆਂ।ਪਰ ਇਸ ਵਿਚ ਜਿਆਦਾ ਸੱਚਾਈ ਨਜ਼ਰ ਨਹੀਂ ਆਉਂਦੀ ।ਇਸ ਦੇ ਪਿੱਛੇ ਕਾਰਨ ਇਹ ਹੈ ਕਿ ਪਾਸ਼ ਆਪਣੀ ਪ੍ਰਤੀਬੱਧਤਾ ਤੇ ਬੇਬਾਕ ਭਾਂਸ਼ਾ ਸ਼ੈਲੀ ਕਾਰਨ ਬਾਕੀ ਨਕਸਲਬਾੜੀ ਕਵੀਆਂ ਤੋ ਅੱਗੇ ਨਿਕਲ ਗਿਆ।
ਪਾਸ਼ ਦੀਆਂ ਸੁ਼ਰੂ ਦੀਆਂ ਕਵਿਤਾਵਾਂ ਵਿਚ ਮਾਅਰਕੇਬਾਜੀ ਦਾ ਅੰਸ਼ ਹੈ।ਉਸ ਵਿਚ ਜਰੂਰਤ ਤੋਂ ਜਿਆਦਾ ਜੋਸ਼ ਨਜ਼ਰ ਆੳਂਦਾ ਹੈ।ਪਰ ਬਾਦ ਵਾਲੀਆਂ ਰਚਨਾਵਾਂ ਵਿਚ ਠਰੰਮਾ ਤੇ ਗੰਭੀਰਤਾ ਨਜ਼ਰ ਆਉਂਦੀ ਹੈ।ਸ਼ਾਇਦ ਉਸ ਨੂੰ ਤੱਤੇ ਨਾਹਰਿਆਂ ਤੇ ਜਮੀਨੀ ਸੱਚਾਈ ਦੀ ਸਮਝ ਆ ਚੁੱਕੀ ਸੀ।ਇਸ ਬਾਰੇ ਉਹ ਖੁਦ ਹੀ ਲਿਖਦਾ ਹੈ ਕਿ,”ਪਹਿਲਾ ਪਹਿਲ ਸਾਡੇ ਕੋਲ ਇਕ ਕਾਹਲ ਸੀ,ਲਹਿਰ ਦਾ ਸ਼ੋਰ ਸੀ,ਵਿਚਾਰਧਾਰਾ ਦੀ ਇਕ ਤੱਥਭੜੱਥੀ ਸਮਝ ਸੀ…’ਲੋਹ ਕਥਾ’ਵਿਚ ਮੇਰਾ ਸਮੁੱਚਾ ਰਾਜਨੀਤਿਕ ਅਨੁਭਵ ਕਚੇਰਾ ਸੀ।ਉਦੋਂ ਮੇਰੇ ਵਿਚ ਨਾਹਰੇਬਾਜੀ ਦੀ ਸੁਰ ਸੀ।ਜਿਵੇ ਜਿਵੇ ਮੇਰੀ ਅਨੁਭਵ ਕਰਨ ਦੀ ਸਮੱਰਥਾ ਵਿਸ਼ਾਲ ਹੁੰਦੀ ਗਈ,ਤਿਵੇ ਤਿਵੇ ਜੋਂ ਕੁਝ ਮੈਂ ਕਹਿਣਾ ਹੈ,ਉਸ ਵਿਚ ਡੂੰਘਾਈ ਤੇ ਸਫਾਈ ਆਉਦੀ ਗਈ…ਪਹਿਲੀ ਕਿਤਾਬ ਵਿਚ ਮੇਰੇ ਰੋਹ ਦਾ ਕਥਾਰਸਿਸ ਸੀ,ਦੂਸਰੀ ਕਿਤਾਬ ਵਿਚ ਲਹਿਰ ਦਾ ਖੁਰਦਰਾ ਅਨੁਭਵ ਮੇਰੀ ਚੇਤੰਨਤਾ ਵਿਚ ਘੁਲ ਮਿਲ ਗਿਆ ਸੀ.....ਇਸ ਵਿਚ ਇਕ ਪ੍ਰਤੀਕਰਮ ਹੈ,ਵਿਸ਼ਲੇਸ਼ਣ ਹੈ।ਆਖਰੀ ਪੁਸਤਕ ਵਿਚ ਦੋਨਾਂ ਦੇ ਮੁਕਾਬਲੇ ਤੇ ਵਿਕਾਸ ਤਾ ਹੋਇਆ ਪਰ ਜਿੰਨੀ ਮੇਰੇ ਅੰਦਰ ਸੋਝੀ ਸੀ,ਪਕੜ੍ਹ ਸੀ,ਉਸ ਪੱਧਰ ਤਕ ਮੈਂ ਆਪਣੇ ਅਨੁਭਵ ਨਹੀਂ ਪ੍ਰਗਟਾ ਸਕਿਆ।
ਇਸ ਤੋਂ ਭਲੀ ਭਾਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ੁਰੂ ਵਿਚ ਪਾਸ਼ ਵਿਚ ਜੋਸ਼ ਤੇ ਭਾਵਨਾਤਮਕਤਾ ਸੀ ਜਿਸ ਅਧੀਨ ਉਹ ਜਲਦੀ ਜਲਦੀ ਵਿਚ ਸਭ ਕੁਝ ਬਦਲ ਦੇਣਾ ਚਾਹੁੰਦਾ ਸੀ।ਜਦ ਉਸ ਨੂੰ ਅਸਲੀਅਤ ਦੀ ਸਮਝ ਆਈ ਤਾਂ’ਬਦੂੰਕ ਦੀ ਨਾਲੀ’ ਵਿਚੋਂ ਇਨਕਲਾਬ ਨਿਕਲਣ ਦੀ ਗੱਲ ਕਰਨ ਵਾਲੇ ਪਾਸ਼ ਨੇ ਅਮਰੀਕਾ ਵਿਚ ਜਾ ਕੇ ਐਂਟੀ- 47 ਫਰੰਟ ਬਣਾਇਆ।
ਅਵਤਾਰ ਪਾਸ਼ ਨੇ ਸਾਰੀ ਜਿੰਦਗੀ ਉਹ ਕੀਤਾ ਜੋ ਉਸ ਨੂੰ ਚੰਗਾ ਲੱਗਾ,ਉਹ ਲਿਖਿਆਂ ਜੋ ਲੋਕਾਂ ਲਈ ਹੋਵੇ।ਉਹ ਜੋ ਵੀ ਲਿਖਦਾ ਨਿਧੜ੍ਹਕ ਹੋ ਕੇ ਲਿਖਦਾ ਸੀ।ਇੰਦਰਾ ਗਾਂਧੀ ਦੇ ਕਤਲ ਤੇ ਉਹ ਬੇਦਾਵਾ ਲਿਖਦਾ ਹੈ।ਜਦੋਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਦਹਿਸਤਗਰਦੀ ਕਿਸੇ ਮਸਲੇ ਦਾ ਹੱਲ ਨਹੀਂ ਤਾਂ ਉਸ ਨੇ ਐਂਟੀ-47 ਫਰੰਟ ਬਣਾਇਆ ਅਤੇ ਖਾਲਿਸਤਾਨੀ ਦਹਿਸਤਗਰਦੀ ਖਿਲਾਫ ਆਵਾਜ਼ ਬੁਲੰਦ ਕੀਤੀ।ਜਿਸ ਦੇ ਸਿੱਟੇ ਵਜੋਂ 23 ਮਾਰਚ 1988 ਨੂੰ ਖਾਲਿਸਤਾਨੀ ਜਨੂੰਨੀਆਂ ਨੇ ਪਾਸ਼ ਨੂੰ ਸਾਡੇ ਕੋਲੋਂ ਖੋਹ ਲਿਆ।ਪਰ ਕਾਤਲਾ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਸੀ ਕਿ ਕਵਿਤਾ ਦਾ ਮੂੰਹ ਕਦੇ ਬੰਦ ਨਹੀਂ ਕੀਤਾ ਜਾ ਸਕਦਾ।ਪਾਸ਼ ਨੂੰ ਆਪਣੀ ਇਸ ਹੋਣੀ ਬਾਰੇ ਸ਼ਾਇਦ ਪਹਿਲ੍ਹਾਂ ਹੀ ਪਤਾ ਸੀ।ਜਿਸ ਦਾ ਅਹਿਸਾਸ ਉਸ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਹੁੰਦਾ ਹੈ;
ਮੈਂ ਸੁਣਿਆਂ ਹੈ ਕਿ ਮੇਰੇ ਕਤਲ ਦਾ ਮਨਸੂਬਾ ਰਾਜਧਾਨੀ ਵਿਚ,
ਮੇਰੇ ਜੰਮਣ ਤੋਂ ਬਹੁਤ ਪਹਿਲਾਂ ਬਣ ਚੁੱਕਿਆ ਸੀ
ਤੇ ਪੀਲੂ ਸ਼ਾਇਰ
ਅੱਜ ਕੱਲ ਵਿਸ਼ਵ-ਵਿਦਿਆਲੇ ਨੌਕਰੀ ਤੇ ਲੱਗ ਗਿਆ ਹੈ
ਸਾਇਦ ਉਹ ਮੇਰੇ ਕਤਲ ਨੂੰ
ਨਿਗੁਣੀ ਜਿਹੀ ਘਟਨਾਂ ਕਰਾਰ ਦੇਵੇ ਅਤੇ ਸਤਾਬਦੀਆਂ ਲਈ
ਕਿਰਾਏ ਦੀਆਂ ਨਜ਼ਮਾਂ ਰਹੇ ਲਿਖਦਾ।
{ਬਲਜਿੰਦਰ ਪਾਲ, ਪਿੰਡ ਤੇ ਡਾਕਖਾਨਾ ਖੀਵਾ ਕਲਾਂ, ਵਾਇਆ ਭੀਖੀ, ਜਿ਼ਲਾ ਮਾਨਸਾ, ਪੰਜਾਬ (ਇੰਡੀਆ)}
Thursday, 27 December 2007
Subscribe to:
Post Comments (Atom)
No comments:
Post a Comment